- ਕੁਲਵਿੰਦਰ ਵਿਰਕ, ਕੋਟਕਪੂਰਾ
ਪੱਕੇ ਕੋਠੇ ਚੋਏ ਲੱਗਦੇ ਨੇ,
ਸੱਜਣ ਸਾਡੇ ਰੋਏ ਲੱਗਦੇ ਨੇ।
ਭਰ ਕੇ ਬੋਝੇ ਤੁਰਦੇ ਸੀ ਜਿਹੜੇ,
ਹੁਣ ਕੱਖੋਂ ਹੌਲੇ ਹੋਏ ਲੱਗਦੇ ਨੇ।
ਇਹ ਜੋ ਉੱਚੀ-ਉੱਚੀ ਹੱਸਦਾ ਏ,
ਦਿਲ ਦੇ ਤਾਬ ਲੁਕੋਏ ਲੱਗਦੇ ਨੇ।
ਆਪਣਿਆਂ ਤੋਂ ਕੁੱਬਾ ਨਹੀਂ ਹੋਣਾ,
ਦਰਦ ਬਿਗਾਨੇ ਢੋਏ ਲੱਗਦੇ ਨੇ।
ਤੈਥੋਂ ‘ਵਿਰਕਾ’ ਪਰਦਾ ਕਾਹਦਾ ਏ,
ਯਾਰ ਗ਼ਦਾਰ ਹੋਏ ਲੱਗਦੇ ਨੇ।

ਪੇਟਿੰਗ- ਗੈਰੀ ਮਾਰਟੀਨੇਜ਼ (Gerry Martinez)
ਮੈਡਰਿਡ, ਸਪੇਨ ਵਿੱਚ ਰਹਿੰਦੇ ਇਕ ਡਿਜ਼ਿਟਲ ਫਾਈਨ ਆਰਟਿਸਟ ਅਤੇ ਲੈਂਡਸਕੇਪ ਫੋਟੋਗ੍ਰਾਫਰ ਹਨ, ਜਿਨ੍ਹਾਂ ਦਾ ਮੂਲ ਨਿਵਾਸ ਫਿਲੀਪੀਨਜ਼ ਹੈ। ਉਹ ਡਿਜ਼ਿਟਲ ਪੇਂਟਿੰਗ, ਫੋਟੋ ਪੇਂਟਿੰਗ ਤਕਨੀਕ ਅਤੇ ਟੈਕਸਟਚਰ ਦੇ ਜ਼ਰੀਏ ਰਿਨੈਸਾਂਸ, ਸਰੀਅਲਿਜ਼ਮ ਅਤੇ ਐਬਸਟ੍ਰੈਕਟ ਆਰਟ ਦੇ ਅਨੋਖੇ ਮੇਲ ਨਾਲ ਕਲਾ ਰਚਦੇ ਹਨ। ਉਹ ਲੰਬੇ ਸਮੇਂ ਤੋਂ ਡਿਜ਼ਿਟਲ ਕਲਾ ਨਾਲ ਜੁੜੇ ਹੋਏ ਹਨ ਅਤੇ ਆਧੁਨਿਕ ਟੈਕਨਾਲੋਜੀ, AI ਟੂਲਜ਼ ਅਤੇ ਮਿਕਸਡ ਮੀਡੀਆ ਦੀ ਵਰਤੋਂ ਕਰਕੇ ਆਪਣੀਆਂ ਰਚਨਾਵਾਂ ਨੂੰ ਨਵੀਂ ਦਿਸ਼ਾ ਦਿੰਦੇ ਹਨ। ਰੈਂਬਰਾਂਟ, ਮਾਈਕਲਐਂਜਲੋ ਅਤੇ ਸਾਲਵਾਡੋਰ ਡਾਲੀ ਵਰਗੇ ਮਹਾਨ ਕਲਾਕਾਰਾਂ ਤੋਂ ਪ੍ਰੇਰਿਤ ਹੋ ਕੇ ਉਹ ਆਪਣੀ ਕਲਾ ਵਿੱਚ ਭਾਵਨਾਵਾਂ ਅਤੇ ਕਹਾਣੀਆਂ ਨੂੰ ਡਿਜ਼ਿਟਲ ਬਰਸ਼ਸਟ੍ਰੋਕਸ ਰਾਹੀਂ ਪ੍ਰਗਟ ਕਰਦੇ ਹਨ।
ਮੇਰੀ ਕਵਿਤਾ ਨੂੰ ਖ਼ੂਬਸੂਰਤ ਪੇਂਟਿੰਗ ਨਾਲ ਇਸ ਅੰਕ ਵਿੱਚ ਸਥਾਨ ਦੇ ਕੇ ਮਾਣ ਬਖਸ਼ਣ ਲਈ ਬਹੁਤ ਸ਼ੁਕਰੀਆ ਜੀ । ਆਰਟ ਅਤੇ ਆਰਟਿਸਟ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਪੇਸ਼ਕਾਰੀ ਕਰਨੀ ਉਸ ਤੋਂ ਵੱਡੀ ਗੱਲ… ਗਿਆਨੀ ਹੀਰਾ ਸਿੰਘ ਦਰਦ ਦੀ ਸੰਪਾਦਨਾ ਹੇਠ ਸ਼ੁਰੂ ਹੋਏ ਰਸਾਲੇ ‘ਫੁਲਵਾੜੀ’ ਨੂੰ ਹੁਣ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣ ਦਾ ਇਹ ਉਪਰਾਲਾ ਬੇਹੱਦ ਖ਼ੂਬਸੂਰਤ, ਸਾਰਥਕ ਅਤੇ ਸ਼ਲਾਘਾਯੋਗ ਹੈ । ਇਸ ਕਾਰਜ ਲਈ ਮਾਣਯੋਗ ਸੰਪਾਦਕ ਸਾਹਬ ਅਤੇ ਟੀਮ ਵਧਾਈ ਦੀ ਪਾਤਰ ਹੈ ।
ਪੰਜਾਬੀ ਫੁਲਵਾੜੀ ਵੇਖ ਕੇ ਦਿਲ ਖੁਸ਼ ਹੋ ਗਿਆ। ਪੰਜਾਬੀ ਵਿੱਚ ਸਿਰਫ ਨਾਂਅ ਦੇ ਹੀ ਪੰਜਾਬੀ ਡਿਜ਼ੀਟਲ ਮੈਗਜ਼ੀਨ ਹਨ। ਪੰਜਾਬੀ ਫੁਲਵਾੜੀ ਦੀ ਦਿਖ ਵੇਖ ਕੇ ਲੱਗਦਾ ਹੈ ਕਿ ਇਹ ਪੂਰੀ ਤਕਨੀਕੀ ਤਿਆਰੀ ਨਾਲ ਸ਼ੁਰੂ ਕੀਤਾ ਗਿਆ ਹੈ। ਆਸ ਹੈ, ਇਹ ਡਿਜ਼ੀਟਲ ਮੈਗਜ਼ੀਨ ਭਵਿੱਖ ਵਿੱਚ ਪੰਜਾਬੀ ਸਾਹਿਤ ਵਿੱਚ ਅੱਡਰਾ ਯੋਗਦਾਨ ਪਾਵੇਗਾ।