- ਬਲਵੰਤ ਗਾਰਗੀ
ਖੇਮਾਂ ਸੁਨਿਆਰਾ ਸਾਡੇ ਪਿੰਡ ਦਾ ਸਭ ਤੋਂ ਬੁੱਢਾ ਸੁਨਿਆਰਾ ਹੈ । ਲੰਮੀਆਂ ਫਿਲਕੀਆਂ ਹੋਈਆਂ ਧੌਲੀਆਂ ਮੁੱਛਾਂ, ਉਲਝੀ ਹੋਈ ਦਾੜ੍ਹੀ, ਮਣਕਿਆਂ ਵਰਗੀਆਂ ਗੋਲ-ਗੋਲ ਅੱਖਾਂ, ਕੰਨਾਂ ਵਿਚ ਸੋਨੇ ਦੀਆਂ ਨੱਤੀਆਂ, ਚੌੜਾ ਲਕੀਰਿਆ ਹੋਇਆ ਮੱਥਾ ਤੇ ਉਸ ਉਤੇ ਖੁੱਥੀ ਦਾਖੀ ਪੱਗ ।
ਮੈਂ ਤੀਜੀ ਜਮਾਤ ਵਿਚ ਪੜ੍ਹਦਾ ਸਾਂ । ਸਕੂਲੋਂ ਆਉਂਦਾ ਹੋਇਆ ਜਦ ਮੈਂ ਗਲੀ ਵਿਚੋਂ ਲੰਘਦਾ ਤਾਂ ਖੇਮੇਂ ਨੂੰ ਵੇਖਦਾ ਜੋ ਭੁਖਾਰੇ ਅੱਗੇ ਬੈਠਾ, ਸੱਜੇ ਹੱਥ ਸੰਨ੍ਹੀਂ ਨਾਲ ਸੋਨੇ ਦੀ ਡਲੀ ਫੜੀ ਪਿੱਤਲ ਦੀ ਲੰਮੀ ਨਾਲ ਮੂੰਹ ਵਿਚ ਲਈ, ਗੱਲ੍ਹਾਂ ਫੁਲਾਈ, ਅੱਖਾਂ ਅੱਡੀ ਇਕੋ ਸਾਹ ਫੂਕਾਂ ਮਾਰ ਰਿਹਾ ਹੁੰਦਾ। ਮੈਂ ਕਈ ਵਾਰੀ ਹੈਰਾਨ ਹੁੰਦਾ ਕੀ ਅੱਗ ਵਿਚ ਸੋਨਾ ਗੁਆਚ ਨਹੀਂ ਜਾਂਦਾ ? ਪਤਾ ਨਹੀਂ ਉਹ ਕੀਕਰ ਕੱਢ ਲੈਂਦਾ ਸੀ, ਲਾਲ ਕੋਲਿਆਂ ਵਿਚੋਂ ਸੋਨੇ ਦੀ ਲਾਲ ਡਲੀ ?
ਫੇਰ ਉਹ ਅਹਿਰਨ ਤੇ ਹਥੌੜੀ ਨਾਲ ਨਿੱਕੀਆਂ-ਨਿੱਕੀਆਂ ਸੱਟਾਂ ਲਾ ਕੇ ਟੂਮਾਂ ਘੜਦਾ। ਸੱਗੀ ਵਿਚ ਲਾਖ ਢਾਲ ਕੇ ਪਾਉਂਦਾ ਤੇ ਨਿੱਕੇ ਜਿਹੇ ਤੇਜ਼ ਸੂਏ ਨਾਲ ਸੱਗੀ ਉਤੇ ਤਰ੍ਹਾਂ-ਤਰ੍ਹਾਂ ਦੇ ਫੁੱਲ ਤੇ ਚਿੱਤਰ ਕੱਢਦਾ। ਸਾਰੇ ਪਿੰਡ ਦੀਆਂ ਤੀਵੀਆਂ ਉਸੇ ਕੋਲੋਂ ਗਹਿਣੇ ਘੜਵਾਉਂਦੀਆਂ ਸਨ : ਸੱਗੀ ਫੁਲੀਆਂ, ਹੱਸ, ਗਿੜਕੜੇ, ਪੰਜੇਬਾਂ, ਬਾਂਕਾ, ਪਰੀ-ਬੰਦ, ਚੂੜਾ, ਨੱਥ, ਸਹਾਰਾ, ਜ਼ੰਜੀਰੀ, ਚੌਂਕ ਫੁੱਲ-ਸਭਨਾਂ ਕਿਸਮਾਂ ਦੇ ਨਵੇਂ-ਨਵੇਂ ਗਹਿਣੇ।
ਉਹਦੀ ਦੁਕਾਨ ਅੱਗੇ ਥੜ੍ਹੇ ਉਤੇ ਕਾਕੂ ਕੇ ਸੰਤਾ ਬੈਠੇ ਸ਼ਤਰੰਜ ਖੇਡਦੇ ਰਹਿੰਦੇ । ਸੰਤੇ ਨੂੰ ਅਖ਼ਬਾਰ ਪੜ੍ਹਨ ਕਰ ਕੇ ਬੜੀ ਵਾਕਫ਼ੀ ਸੀ। ਜਦ ਨੰਬਰਦਾਰ, ਕਾਨੂੰਗੋ, ਸੰਤਾ ਤੇ ਸਕੂਲ ਦਾ ਮਾਸਟਰ ਧਨੀ ਰਾਮ ਸਭੇ ‘ਕੱਠੇ ਹੁੰਦੇ ਤਾਂ ਮੁਲਕ ਦੇ ਵੱਡੇ ਮਸਲਿਆਂ ਉਤੇ ਵੀ ਵਿਚਾਰ ਹੁੰਦੇ ਤੇ ਬਹਿਸਾਂ ਹੁੰਦੀਆਂ। ਖੇਮਾ ਵੀ ਭਖਾਰੇ ਤੋਂ ਹਟ ਕੇ ਗੱਲਾਂ ਸੁਣਨ ਲਗ ਪੈਂਦਾ ਤੇ ਕਿਤੇ ਕੋਈ ਟਾਵੀ ਗੱਲ ਕਰ ਦੇਂਦਾ। ਉਸ ਵੇਲੇ ਮੈਨੂੰ ਉਹਨਾਂ ਦੀਆਂ ਗੱਲਾਂ ਉੱਕਾ ਈ ਨਾ ਸਮਝ ਆਉਂਦੀਆਂ ।
ਦਸਵੀਂ ਪਾਸ ਕਰ ਕੇ ਮੈਂ ਕਾਲਜ ਗਿਆ. ਐਫ. ਏ. ਤੇ ਫੇਰ ਬੀ. ਏ.।
ਹੁਣ ਜਦ ਮੈਂ ਕਾਲਜੋਂ ਗਰਮੀ ਦੀਆਂ ਛੁੱਟੀਆਂ ਵਿਚ ਪਿੰਡ ਆਉਂਦਾ ਤਾਂ ਸਾਰੇ ਲੋਕ ਬੜੇ ਚਾਅ ਨਾਲ ਮੇਰਾ ਸੁਆਗਤ ਕਰਦੇ। ਲਾਹੌਰ ਤੇ ਦੂਰ-ਦੂਰ ਦੇ ਮੁਲਕਾਂ ਤੇ ਪਿੰਡਾਂ ਬੜੇਆ ਗੱਲਾਂ ਪੁੱਛਦੇ। ਖੇਮੇਂ ਦੇ ਥੜ੍ਹੇ ਤੇ ਸ਼ਤਰੰਜ ਖੇਡਦੇ ਸਾਰੇ ਲੋਕ ਮੇਰੇ ਦੁਆਲੇ ਹੋ ਜਾਂਦੇ, ਇਕ ਮਹਿਫਲ ਜੇਹੀ ਲਗ ਜਾਂਦੀ, ਤੇ ਫੇਰ ਹਰ ਤਰ੍ਹਾਂ ਦੀਆਂ ਗੱਲਾਂ ਛਿੜ ਜਾਂਦੀਆਂ।
ਬੀ. ਏ. ਪਾਸ ਕਰਨ ਪਿਛੋਂ ਮੈਂ ਪਿੰਡ ਆਇਆ। ਗਲੀ ਵਿਚ ਦੀ ਲੰਘਦੇ ਖੋਮੇਂ ਸੁਨਿਆਰ ਨੇ ਹਾਕ ਮਾਰ ਕੇ ਆਖਿਆ, “ਬਲੰਤ ਕਦੋਂ ਆਇਆ ਲਾਹੌਰੋਂ?”
“ਰਾਤੀਂ ਬਾਬਾ।”
“ਹਲਾ, ਬੈਠ ਜਾ।”
ਮੈਂ ਮੂੜਾ ਖਿੱਚ ਕੇ ਬੈਠ ਗਿਆ।
“ਕੋਈ ਖਬਰ ਸੁਣਾ।”
“ਬਾਬਾ ਖਬਰ ਕਾਹਦੀ, ਕੋਈ ਖ਼ਬਰ ਨਹੀਂ ।”
“ਓਏ ਲਾਹੌਰ ਤਾਂ ਖਬਰਾਂ ਦਾ ਘਰ ਐ, ਨਿੱਤ ਨਵੀਆਂ ਖਬਰਾਂ। ਤੂੰ ਓਥੋਂ ਆਇਆ ਐਂ, ਕੋਈ ਖਬਰ ਨਹੀਂ ?”
“ਨਾ ਬਾਬਾ, ਕੋਈ ਨਹੀਂ ।”
ਮੈਂ ਅੰਗਰੇਜ਼ੀ ਦੇ ਐਮ. ਏ. ਵਿਚ ਦਾਖਲ ਹੋਣ ਦੀ ਸੋਚ ਰਿਹਾ ਸਾਂ। ਐਮ. ਏ. ਪਾਸ ਕਰ ਕੇ ਵਲਾਇਤ ਜਾਵਾਂਗਾ, ਲੰਡਨ, ਆਕਸਫੋਰਡ, ਪੈਰਸ, ਫੇਰ ਵਾਪਸ ਆ ਕੇ ਅੰਗਰੇਜ਼ੀ ਦਾ ਪ੍ਰੋਫੈਸਰ ਬਣਾਂਗਾ..ਮੁੰਡਿਆਂ ਨੂੰ ਸ਼ੈਕਸਪੀਅਰ ਤੇ ਸ਼ੈਲੇ ਪੜ੍ਹਾਇਆ ਕਰਾਂਗਾ… ਗਰਮੀਆਂ ਵਿਚ ਤਿੰਨ ਮਹੀਨੇ ਪਹਾੜ ‘ਤੇ । ਕਿਹੋ ਜਿਹੀ ਸ਼ਾਨਦਾਰ ਜ਼ਿੰਦਗੀ ਹੋਵੇਗੀ ! ਮੇਰੇ ਵੱਡੇ ਭਰਾ ਨੇ ਕਈ ਵਾਰ ਸੱਥ ਵਿਚ ਖਲੋ ਕੇ ਆਖਿਆ ਸੀ, “ਐਮ. ਏ. ਪਾਸ ਕਰਵਾਉਣ ਪਿਛੋਂ ਅਸਾਂ ਬਲਵੰਤ ਨੂੰ ਇਕ ਵਾਰ ਤਾਂ ਵਲੈਤ ਘੱਲ ਛੱਡਣਾ ਐ, ਸ਼ਾਨ ਕਰ ਦੇਣੀ ਐ !”
ਖੇਮੇਂ ਬਾਬੇ ਨੇ ਅੱਖਾਂ ਤੋਂ ਐਨਕ ਜੋ ਮੈਲੇ ਧਾਗੇ ਨਾਲ ਕੰਨਾਂ ਦੁਆਲੇ ਅਟਕਾਈ ਸੀ. ਲਾਹ ਕੇ ਆਖਿਆ, “ਓਏ ਸੁਣਿਆ ਐ, ਤੂੰ ਬਲੈਤ ਜਾਏਂਗਾ ?”
“ਹਾਂ ਬਾਬਾ, ਐਮ. ਏ. ਪਾਸ ਕਰਨ ਪਿਛੋਂ ।”
“ਓਏ ਬਲੈਤ ਕੀ ਧਰਿਆ ਪਿਆ ਹੈ ? ਮੈਂ ਦੱਸਾਂ ਤੈਨੂੰ, ਆਪਣੇ ਪਿੰਡ ਵਰਗਾ ਕੋਈ ਪਿੰਡ ਨਹੀਂ । ਪੜ੍ਹੇ-ਲਿਖੇ ਇਸ ਗੱਲ ਤੇ ਧਿਆਨ ਨਹੀਂ ਦੇਂਦੇ, ਪਰ ਅੰਗਰੇਜ਼ ਤਾਂ ਆਪਣੇ ਦੇਸ ਤੇ ਮਰਦਾ ਐ। ਮੈਨੂੰ ਦੱਸ ਭਲਾ, ਆਪਣੇ ਖੱਤੇ ਵਰਗੀ ਕਣਕ ਹੈ ਕਿਤੇ ? ਆਪਣੇ ਪਿੰਡ ਵਰਗੀ ਬੋਲੀ ਹੈ ਕਿਤੇ ? ਆਪਣੇ ਘਰ ਵਰਗਾ ਸੁਖ ਹੈ। ਕਿਤੇ ?”
ਐਨੇ ਵਿਚ ਰਾਮਾਂ, ਕਾਕੂ, ਸੰਤਾ ਤੇ ਮਾਸਟਰ ਧਨੀ ਰਾਮ ਇਕੱਠੇ ਹੋ ਗਏ। ਗੱਲਾ ਛਿੜ ਪਈਆਂ- ਗਾਂਧੀ ਤੇ ਕਾਂਗਰਸ ਦੀਆਂ ਗੱਲਾਂ, ਅੰਗਰੇਜ਼ਾਂ ਦੀਆਂ ਗੱਲਾਂ, ਮੰਦਾ, ਭੁੱਖ ਅਮਰੀਕਾ, ਅਫਰੀਕਾ ਤੇ ਸਾਰੇ ਜਹਾਨ ਦੀਆਂ ਗੱਲਾਂ। ਕੁਝ ਦਿਨ ਪਿੰਡ ਰਹਿ ਹੈ ਮੈਂ ਫੇਰ ਲਾਹੌਰ ਚਲਿਆ ਗਿਆ।
ਉਸ ਪਿਛੋਂ ਮੈਂ ਐਮ. ਏ. ਅੰਗਰੇਜ਼ੀ ਸਾਹਿਤ ਪਾਸ ਕੀਤੀ। ਐਮ. ਏ. ਪਿਛੋਂ ਦੇ ਸਾਲ ਕਿਸੇ ਚੰਗੀ ਨੌਕਰੀ ਦੀ ਤਲਾਸ਼ ਵਿਚ ਦਿੱਲੀ ਤੇ ਬੰਬਈ ਦੀਆਂ ਗਲੀਆਂ ਵੱਲੀਆਂ ਤੇ ਮੁੜ ਲਾਹੌਰ ਆ ਗਿਆ। ਐਨੇ ਵਿਚ ਜੰਗ ਛਿੜ ਗਈ। ਹਜ਼ਾਰਾਂ ਲੱਖਾਂ ਲੋਕ ਕੰਮ ਤੇ ਲੱਗ ਗਏ। ਮੈਂ ਇਕ-ਦੋ ਦਫਤਰਾਂ ਵਿਚ ਕੰਮ ਕੀਤਾ, ਪਰ ਕਿਸੇ ਨਾ ਕਿਸੇ ਤਰ੍ਹਾਂ ਟਿਕਾਅ ਨਾ ਹੋਇਆ। ਫੇਰ ਰੂਸ ਤੇ ਜਰਮਨ ਵਿਚ ਜੰਗ ਛਿੜ ਗਈ। ਉਨ੍ਹੀਂ ਦਿਨੀਂ ਕਾਂਗਰਸ-ਆਜ਼ਾਦੀ ਦੀ ਲਹਿਰ ਬੜੇ ਜ਼ੋਰਾਂ ਤੇ ਸੀ । 9 ਅਗਸਤ 1942 ਪਿੱਛੋਂ ਬਹੁਤ ਸਾਰੇ ਲੋਕ ਕੈਦ ਹੋ ਗਏ । ਮਾਰ-ਧਾੜ ਉਲਟ-ਪੁਲਟ, ਨਾਹਰੇ ਲੱਗੇ, ਗੋਲੀ ਚੱਲੀ, ਜੇਲ੍ਹਾਂ ਟੁੱਟੀਆਂ। ਸਾਰੇ ਮੁਲਕ ਵਿਚ ਉਪਰ-ਥੱਲੀ ਦਾ ਰੌਲਾ ਸੀ । ਦਫ਼ਤਰ ਬੰਦ, ਕਾਲਜ ਬੰਦ, ਸਕੂਲ ਬੰਦ। ਮੈਂ ਮੁੜ ਪਿੰਡ ਆ ਗਿਆ।
ਪਿੰਡ ਦੇ ਲਾਗੇ ਵਗਦੀ ਨਹਿਰ ’ਤੇ ਪਹੁੰਚ ਕੇ ਮੈਨੂੰ ਸਦਾ ਇਕ ਝੁੰਝਣੀ ਭਰਿਆ ਅਹਿਸਾਸ ਹੁੰਦਾ ਹੈ। ਬਸ ਹੁਣ ਪਿੰਡ ਆ ਗਿਆ, ਅੱਗੇ ਨੱਥੂ ਦੀ ਆਟੇ ਵਾਲੀ ਮਸ਼ੀਨ ਆਏਗੀ, ਫੇਰ ਸ਼ਿਵਾਲਾ ਜਿਸ ਦਾ ਉੱਚਾ ਕਲਸ ਚਮਕਦਾ ਹੈ, ਫੇਰ ਕੁੱਬੀ ਜੰਡੀ, ਨਿਹਾਲੇ ਦੇ ਖੇਤ, ਤਰਖਾਣਾਂ ਦਾ ਘਰ ਜਿਸ ਅੱਗੇ ਇਕ ਬਹੁਤ ਪੁਰਾਣਾ ਗੱਡਾ ਪਿਆ ਹੁੰਦਾ ਹੈ, ਜਿਸ ਦਾ ਇਕ ਪਹੀਆ ਲੱਥਾ ਹੁੰਦਾ ਹੈ ਫੇਰ ਖੇਮੇਂ ਸੁਨਿਆਰ ਦੀ ਹੱਟ, ਜਿਥੇ ਉਹ ਭੁਖਾਰੇ ਅੱਗੇ ਹਮੇਸ਼ ਓਕਰ ਹੀ ਬੈਠਾ ਫੂਕਾਂ ਮਾਰ ਰਿਹਾ ਹੁੰਦਾ ਹੈ, ਅੱਗੇ ਮੋੜ ਤੇ ਖੁੰਢ ਪਿਆ ਹੁੰਦਾ ਹੈ ਤੇ ਅੱਗੇ ਸਾਡਾ ਘਰ।
ਤਰਕਾਲੀਂ ਮੈਂ ਸੱਥ ਵਿਚ ਪੁੱਜਾ ਤਾਂ ਸਾਰੇ ਜਣੇ ਮੰਜੀਆਂ ਤੇ ਖੁੰਡਾਂ ਉਤੇ ਬੈਠੇ ਗੱਲਾਂ ਕਰ ਰਹੇ ਸਨ। ਸਣ ਵੱਟਦੇ, ਹੁੱਕਾ ਪੀਂਦੇ, ਉਹ ਉੱਚੀ-ਉੱਚੀ ਗੱਲਾਂ ਕਰਦੇ ਸਨ ਸਾਰੇ ਮੁਲਕ ਵਿਚ ਤਰਥੱਲੀ ਮੱਚੀ ਹੋਈ ਹੈ। ਜਰਮਨ ਰੂਸ ’ਤੇ ਹਮਲਾ ਕਰ ਕੇ ਹੁਣ ਕਾਬਲ ਕੰਧਾਰ ਤੀਕ ਆ ਗਿਆ ਹੈ ਏਧਰ ਜਪਾਨ ਸਿੰਘਾਪੁਰ ਤੇ ਬਰਮਾ ਲੰਘ ਕੇ ਕਲਕੱਤੇ ਤੀਕ ਪੁੱਜ ਗਿਆ ਹੈ…
ਸੰਤਾ ਆਖਣ ਲੱਗਾ, “ਇਹ ਜਰਮਨ ਬੜਾ ਤਕੜਾ ਐ। ਦਿਨਾਂ ਵਿਚ ਈ ਸਾਰੇ ਰੂਸ ਨੂੰ ਲੈ ਲਿਆ । ਬਸ ਹੁਣ ਹਿੰਦੁਸਤਾਨ ਤੀਕ ਵੀ ਪਹੁੰਚਿਆ ਈ ਪਹੁੰਚਿਆ-ਥੱਲੇ ਬੱਲੇ ! ਬੜਾ ਸ਼ੇਰ ਐ, ਬਸ ਦਿਨਾਂ ਦੀ ਗੱਲ ਐ, ਆਇਆ ਸਮਝੋ।’’
ਮੈਂ ਆਖਿਆ “ਨਹੀਂ ਤਾਇਆ, ਹਿੰਦੁਸਤਾਨ ਨੂੰ ਕੁਝ ਨਹੀਂ ਹੋਣ ਲੱਗਾ। ਵਾਲੇ ਤਾਂ ਜਰਮਨ ਮਾਸਕੋ ਵਿਚ ਈ ਉਲਝਿਆ ਪਿਆ ਐ।”
ਸੰਤੇ ਨੇ ਹੁੱਕੇ ਦੀ ਘੁੱਟ ਭਰੀ ਤੇ ਆਖਿਆ, “ਹਿਟਲਰ ਰੂਸ ਨੂੰ ਕੀ ਸਮਝਦਾ 7. ਦਬੱਲੀ ਤੁਰਿਆ ਜਾਂਦਾ ਐ, ਸਾਰਿਆਂ ਦੇ ਪੱਥੇ ਪਏ ਹੋਏ ਨੇ ।”
ਕਾਕੂ ਬੋਲਿਆ, “ਓਏ ਰੂਸ ਨੂੰ ਐਵੇਂ ਨਾ ਜਾਣੋ, ਹੁਣ ਪਛਾਂਹ ਹਟੀ ਜਾਂਦਾ ਐ। ਜਦ ਰੂਸੀਆਂ ਨੇ ਹੱਲਾ ਬੋਲਿਆ ਤਾਂ ਸਭਨਾਂ ਦੇ ਪਦੀੜ ਪੈ ਜਾਣੀ ਐ। ਮੈਂ ਫੌਜ ਵਚ ਰਿਹਾ ਹਾਂ । ਪਿਛਾਂਹ ਹਟਦੀ ਫੌਜ ਦਾ ਦਿਲ ਟਿਕਾਣਾ ਬੜਾ ਮੁਸ਼ਕਲ ਐ। ਜੀ ਪਿਛਾਂਹ ਹਟਦੇ ਹੋਏ ਵੀ ਲੜਦੇ ਨੇ। ਇਹ ਤਾਂ ਸਤਰੰਜ ਵਰਗੀ ਚਾਲ ਐ ।
ਪਰ ਜਦ ਉਹ ਅਗਾਂਹ ਵਧੇ ਤਾਂ ਫੇਰ ਦੇਹ ਕਿਸ਼ਤ ਤੇ ਕਿਸ਼ਤ, ਦਿਨਾਂ ਵਿਚ ਈ. ਮਾਤ ਕਰ ਦੇਣਗੇ।”
ਇਸ ’ਤੇ ਲੰਮੀ ਬਹਿਸ ਛਿੜ ਗਈ । ਉਸ ਪਿਛੋਂ ਕਾਂਗਰਸ, ਲੀਗ, ਗਾਂਧੀ, ਨਹਿਰੂ, ਜਿਨਾਹ, ਬਰਮਾ, ਚੀਨ ਸਭਨਾਂ ਤੇ ਰਾਏਜ਼ਨੀ ਹੋਈ ।
ਖੇਮਾਂ ਬੈਠਾ ਗੌਹ ਨਾਲ ਗੱਲਾਂ ਸੁਣਦਾ ਰਿਹਾ। ਛੇਕੜ ਉਸ ਪੁੱਛਿਆ, “ਕਿਉਂ ਬਲੰਤ, ਗਾਂਧੀ ਬਾਬਾ ਤਾਂ ਹਾਲ ਤੀਕ ਜੇਲ੍ਹ ਵਿਚ ਈ ਐ, ਪੰਜਾਬ ਦਾ ਵੀ ਕੁਝ ਬਣ ਜਾਊ ?”
ਮੈਂ ਆਖਿਆ, “ਕਿਉਂ, ਪੰਜਾਬ ਨੂੰ ਕੀ ਹੁੰਦਾ ਐ ? ਤੇਰੀ ਗੱਲ ਅਵੱਲੀ ਹੁੰਦੀ ਐ, ਬਾਬਾ।”
ਫੇਰ ਕੁਝ ਚਿਰ ਹੋਰ ਗੱਲਾਂ ਹੋਈਆਂ। ਮਾਸਟਰ ਧਨੀ ਰਾਮ ਨੇ ਪੂਰੇ ਵਿਸ਼ਵਾਸ ਨਾਲ ਆਖਿਆ, “ਅੰਗਰੇਜ਼ ਏਥੋਂ ਕਦੇ ਨਹੀਂ ਜਾਂਦਾ, ਭਾਵੇਂ ਲੋਗ ਲੱਖ ਪਏ ਕੈਦ ਹੋਣ।”
ਆਲਾ ਜੱਟ ਗੱਜਿਆ “ਇਹ ਤਾਂ ਜੂਤ ਦੇ ਯਾਰ ਨੇ। ਪਰ ਸਾਡੇ ਕਾਂਗਰਸੀਏ ਤਾਂ ਕੀੜੀ ਮਾਰਨ ਤੋਂ ਵੀ ਡਰਦੇ ਨੇ, ਬਸ ਹੱਥ ਬੰਨ੍ਹੀ ਖਲੋ ਜਾਓ, ਏਕਰ ਵੀ ਕੋਈ ਮੰਨਿਆ ਐ।”
ਬੂਟਾ ਬੋਲਿਆ, “ਤੂੰ ਵੇਖ ਲਵੀਂ ਇਨ੍ਹਾਂ ਕਾਂਗਰਸੀਆਂ ਨੇ ਏਕਰ ਈ ਹੱਥ ਬੰਨ੍ਹ ਬੰਨ੍ਹ ਅੰਗਰੇਜ ਤੋਂ ਰਾਜ ਖੋਹ ਲੈਣਾ ਐ।”
ਨੱਥੂ ਪਨਸਾਰੀ ਕੂਇਆ, “ਓਏ ਅੰਗਰੇਜ ਬੜਾ ਖਚਰਾ ਐ। ਉਹ ਜੇ ਗਿਆ ਵੀ ਤਾਂ ਕੋਈ ਅਜੇਹਾ ਹੀਲਾ ਕਰ ਕੇ ਜਾਊ ਜੋ ਉਸ ਦੀ ਥਾਂ ਬਣੀ ਰਹੇ । ਗੋਰੀ ਚਮੜੀ ਦਾ ਕਦੀ ਇਤਬਾਰ ਨਾ ਕਰੀਏ।”
ਧਨੀ ਰਾਮ ਨੇ ਫੇਰ ਆਖਿਆ, “ਅੰਗਰੇਜ ਦੇ ਕਿੱਲੇ ਬੜੇ ਡੂੰਘੇ ਗੱਡੇ ਹੋਏ ਨੇ।’’
ਪਰ ਖੇਮੇਂ ਨੇ ਉਸ ਨੂੰ ਟੋਕ ਕੇ ਆਖਿਆ, ਓਏ ਪਾਦਸ਼ਾਹੀਆਂ ਪਲਟਣ ਲੱਗੇ ਚਿਰ ਨਹੀਂ ਲਗਦਾ। ਬਸ ਦਿਨਾਂ ਵਿਚ ਈ ਉੱਡ ਜਾਂਦੀਆਂ ਨੇ। ਏਥੇ ਬੜੇ-ਬੜੇ ਮੁਗਲਾ ਦੀਆਂ ਪਾਦਸ਼ਾਹੀਆਂ ਨਾ ਰਹੀਆਂ, ਅੰਗਰੇਜ ਕਿਹਦਾ ਬੱਚਾ ਐ। ਪਰ ਮੈਂ ਸੋਚਦਾ ਆਂ ਜੇ ਅੰਗਰੇਜ ਚਲਿਆ ਗਿਆ ਤਾਂ ਪੰਜਾਬ ਦਾ ਕੀ ਬਣੂ ?”
ਮੈਂ ਆਖਿਆ, “ਬਾਬਾ, ਤੂੰ ਤਾਂ ਕਮਲਾ ਐਂ। ਭਲਾ ਅੰਗਰੇਜ਼ ਕਿਤੇ ਪੰਜਾਬ ਨੂੰ ਚੁੱਕ ਕੇ ਲੈ ਜਾਊ ? ਕੀ ਹੋ ਜੂ. ਪੰਜਾਬ ਨੂੰ ? ਤੈਨੂੰ ਐਵੇਂ ਫਿਕਰ ਲਗਿਆ ਰਹਿੰਦਾ ਏ।”
ਖੇਮਾਂ ਚੁੱਪ ਹੋ ਗਿਆ । ਫੇਰ ਓਸ ਵੱਡਾ ਸਾਰਾ ਹੋਕਾ ਭਰਿਆ ਤੇ ਆਖਿਆ। “ਜਿੰਨੀਆਂ ਪਾਤਸ਼ਾਹੀਆਂ ਦਾ ਉਲਟ-ਫੇਰ ਹੋਇਆ ਸਭਨਾਂ ਵੇਲੇ ਪੰਜਾਬ ਦੀ ਸ਼ਾਮਤ ਆਈ। ਜਿੰਨੇ ਹੱਲੇ ਹੋਏ, ਸਾਰੇ ਪੰਜਾਬ ਰਾਹੀਂ। ਬਸ ਏਥੇ ਹੀ ਲਹੂ ਡੁੱਲ੍ਹਿਆ। ਅਹਿਮਦ-ਸ਼ਾਹ ਤੇ ਨਾਦਰਸ਼ਾਹ ਏਸੇ ਰਾਹੇ ਆਏ। ਮੇਰੀ ਨਾਨੀ ਸੁਣਾਉਂਦੀ ਸੀ ਕਿੱਸੇ, ਕੀਕਰ ਏਥੇ ਅਫਰਾ-ਤਫਰੀ ਮਚੀ।”
ਮੈਂ ਉਸ ਨੂੰ ਸਮਝਾਇਆ “ਉਹ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਸਨ। ਓਸ ਵੇਲੇ ਸਭਨਾਂ ਏਸੇ ਰਾਹੋਂ ਆਉਣਾ ਸੀ ਕਿਉਂ ਜੋ ਹਿੰਦੁਸਤਾਨ ਨੂੰ ਆਉਣ ਦਾ ਰਸਤਾ ਸਮਾਲੀ ਦੌਰਿਆਂ ‘ਚੋਂ ਸੀ। ਪਰ ਹੁਣ ਤਾਂ ਚਾਰੇ ਰਾਹ ਮੋਕਲੇ ਲੋਕ ਭਾਵੇਂ ਸਮੁੰਦਰ ਰਾਹੀਂ ਜਾਣ, ਭਾਵੇਂ ਹਵਾਈ ਜਹਾਜ਼ ਰਾਹੀਂ । ਸਗੋਂ ਸਾਰੇ ਕਰਾਚੀ ਜਾਂ ਬੰਬਈ ਰਾਹੀ ਆਉਂਦੇ ਨੇ। ਅੰਗਰੇਜ ਭਲਾ ਕੋਈ ਪੰਜਾਬ ਰਾਹੀਂ ਆਇਆ ਸੀ ?”
ਨਹੀਂ ।” ਉਸ ਆਖਿਆ “ਆਇਆ ਭਾਵੇਂ ਨਹੀਂ ਸੀ ਪਰ ਜਾਵੇਗਾ ਉਹ ਵੀ ਪੰਜਾਬ।’’ ਅਸੀਂ ਸਾਰੇ ਜਣੇ ਹੱਸ ਪਏ ।
ਮਾਸਟਰ ਧਨੀ ਰਾਮ ਖਿੱਝ ਕੇ ਆਖਣ ਲੱਗਾ “ਪੰਜਾਬ ਰਾਹੀਂ ਕੀ ਉਸ ਕਾਬਲ-ਕੰਧਾਰ ਵਲ ਜਾਣਾ ਐ ? ਅੱਵਲ ਤਾਂ ਉਹ ਜਾਂਦਾ ਈ ਨਹੀਂ ਤੇ ਜੇ ਗਿਆ ਵੀ ਤਾਂ ਬੰਬਈ ਜਾਂ ਕਲਕੱਤੇ ਵੱਲੋਂ ਜਾਵੇਗਾ ।”
ਪਰ ਖੇਮੇਂ ਨੂੰ ਕੋਈ ਨਾ ਸਮਝਾ ਸਕਿਆ। ਉਹ ਆਪਣੀ ਗੱਲ ਤੇ ਅੜਿਆ ਰਿਹਾ, ਇਕ ਬੇ-ਦਲੀਲੀ ਪੇਂਡੂ ਅੜੀ ਜਿਸ ਵਿਚ ਕੋਈ ਮੰਤਵ ਨਹੀਂ ਸੀ।
ਦਿਨ ਲੰਘਦੇ ਗਏ। ਗਾਂਧੀ ਜੀ ਕੈਦ ਹੋਏ, ਫੇਰ ਬਾਹਰ ਆ ਗਏ । ਜੰਗ ਖਤਮ ਹੋ ਗਈ। ਜਰਮਨ ਤੇ ਜਾਪਾਨ ਹਾਰ ਗਏ, ਰੂਸ ਤੇ ਅੰਗਰੇਜ਼ ਜਿੱਤ ਗਏ । ਏਧਰ ਸਾਰੇ ਮੁਲਕ ਵਿਚ ਫੇਰ ਹਲ-ਚਲ, ਆਜ਼ਾਦੀ ਲਈ ਨਾਹਰੇ, ਹੜਤਾਲਾ, ਕੈਦਾ, ਡਰਾਵੇ, ਧਮਕੀਆ। ਮੁਸਲਿਮ ਲੀਗ ਇਕ ਗੱਲ ਨਹੀਂ ਮੰਨਦੀ, ਕਾਂਗਰਸ ਦੂਜੀ ਗੱਲ ਨਹੀਂ ਮੰਨਦੀ, ਅੰਗਰੇਜ਼ ਤੀਜੀ ਗੱਲ ਨਹੀਂ ਮੰਨਦਾ—ਤੇ ਲੋਗ ਇਨ੍ਹਾਂ ਤਿੰਨਾਂ ਦੀ ਗੱਲ ਨਹੀਂ ਮੰਨਦੇ। ਬਹਿਸਾਂ, ਤਕਰੀਰਾਂ, ਕਾਨਫ਼ਰੰਸਾਂ, ਅਖ਼ਬਾਰਾਂ, ਨਿੱਤ ਨਵੀਆਂ ਸੁਰਖੀਆਂ।
ਛੇਕੜ ਕਾਂਗਰਸ, ਲੀਗ ਤੇ ਅੰਗੇਰਜ਼ ਨੇ ਹਿੰਦੁਸਤਾਨ ਦੀ ਵੰਡ ਦਾ ਸੱਦਾ ਕਰ ਲਿਆ ਅਤੇ ਪੰਜਾਬ ਨੂੰ ਅੱਧ-ਵਿਚਕਾਰੋਂ ਟੁੱਕਣ ਦਾ ਫੈਸਲਾ ਹੋ ਗਿਆ… ਸਿਰ ਅਲੱਗ, ਧੜ ਅਲੱਗ । ਵਿਚਕਾਰੋਂ ਲੀਕ ਮਾਰ ਕੇ ਉਸ ਨੂੰ ਵੱਖ-ਵੱਖ ਧਿਰਾਂ ਵਿਚ ਵੰਡ ਦਿਤਾ । ਲੋਕ ਉਹੀ ਬੋਲੀ ਬੋਲਦੇ ਹਨ, ਉਹੀ ਕਣਕ ਖਾਂਦੇ ਹਨ, ਉਹੀ ਹਵਾਵਾਂ ਫੱਕਦੇ ਹਨ, ਉਹੀ ਗੀਤ ਤੇ ਬੋਲੀਆਂ ਗਾਉਂਦੇ ਹਨ ਪਰ ਹਿੰਦੂ-ਮੁਸਲਿਮ ਦਾ ਨਾਹਰਾ ਲਾ ਕੇ ਉਨ੍ਹਾਂ ਨੂੰ ਵੱਖ-ਵੱਖ ਧਿਰਾਂ ਵਿਚ ਵੰਡ ਦਿੱਤਾ ।
ਮੈਂ ਉਸ ਵੇਲੇ ਲਾਹੌਰ ਸਾਂ। ਗਰਮੀਆਂ ਦਾ ਜ਼ੋਰ ਸੀ ਤੇ ਫਸਾਦਾਂ ਦਾ ਵੀ ਜ਼ੋਰ ਸੀ। ਫੇਰ ਜਦ ਆਜ਼ਾਦੀ ਦਾ ਦਿਨ ਨੇੜੇ ਆਇਆ, ਇਕ ਅਜੀਬ ਭਬੂਕਾ ਜਿਹਾ ਉਠਿਆ। ਪਤਾ ਨਹੀਂ ਕੀ ਸੀ ਉਹ- ਸਾਇਦ ਅੰਗਰੇਜ਼ ਦਾ ਭੂਤ, ਜੋ ਦਿੱਲੀਓਂ ਨੱਸ ਕੇ ਪੰਜਾਬ ਆ ਵੜਿਆ ਸੀ। ਇਕ ਸਿਰੇ ਤੋਂ ਦੂਜੇ ਸਿਰੇ ਤੀਕ ਵਿਕਰਾਲ ਰੂਪ ਵਿਚ ਖਰੂਦ ਪੁੱਟਦਾ, ਧਰਤੀ ਉਛਾਲਦਾ, ਰੱਤ ਡੋਲ੍ਹਦਾ ਤੇ ਲਹੂ ਗੱੜਚੀਆਂ ਲੋਥਾਂ ਨੂੰ ਚੀਰਦਾ-ਪਾੜਦਾ ਉਹ ਨੱਸ ਰਿਹਾ ਸੀ। ਅੱਗ, ਚਾਕੂ ਛੁਰੀਆਂ, ਕਿਰਪਾਨਾ, ਛਵੀਆਂ, ਗੰਡਾਸੇ ਤੇ ਬੰਦੂਕਾਂ ਦੀਆਂ ਗੋਲੀਆਂ। ਹਾ-ਹਾਕਾਰ !! ਅਫਰਾ-ਤਫਰੀ ਵਿਚ ਮੈਂ ਵੀ ਬਾਕੀ ਲੋਕਾਂ ਵਾਂਗ ਲਾਹੌਰੋਂ ਨੱਸਿਆ-ਸ਼ੈਲੀ ਤੇ ਸ਼ੈਕਸਪੀਅਰ ਦੇ ਗਰੰਥ ਤੇ ਚਾਹ ਤੇ ਕਾਫੀ ਦੇ ਪਿਆਲੇ ਤੇ ਕੁਝ ਲਿਖਤਾਂ ਤੇ ਪਾਰਕਰ ਪੈਨ ਪਿੱਛੇ ਛੱਡ ਕੇ ਨੱਸਦੇ ਵਕਤ ਇਹ ਸਭ
ਕੁਝ ਸਾਂਭਣ ਦੀ ਕਿਸ ਨੂੰ ਵਿਹਲ ਸੀ ? ਲਾਹੌਰੋਂ ਨੱਸ ਕੇ ਕਸੂਰ ਆਇਆ। ਉਥੋਂ ਚਰੀਆਂ ਵਿਚ ਲੁਕਦਾ ਛਿਪਦਾ ਖੇਤੀ-ਖੇਤੀ ਚਿੱਕੜ ਤੇ ਗਾਰੇ ਨਾਲ ਲਿੱਬੜਿਆ ਮੈਂ ਸਤਲਜ ਦੇ ਪੱਤਣ ਤੇ ਪੁੱਜਾ।
ਜੁੱਤੇ ਕਿਤੇ ਗਾਰ ਵਿਚ ਫਸ ਕੇ ਲੱਥ ਗਏ ਸਨ. ਦਾੜ੍ਹੀ ਉੱਗ ਆਈ ਸੀ। ਭੁੱਖ ਨਾਲ ਬੁਰਾ ਹਾਲ ਸੀ। ਫੇਰ ਰਫਿਊਜੀ ਕੈਂਪ, ਰਫਿਊਜੀ ਗੱਡੀ-ਤੇ ਛੇਕੜ ਲਹਿੰਦਾ-ਢਹਿੰਦਾ ਜਦ ਮੈਂ ਆਪਣੇ ਪਿੰਡ ਪੁੱਜਾ ਤਾਂ ਸਾਹ ਵਿਚ ਸਾਹ ਆਇਆ।
ਉਹੀ ਨਹਿਰ, ਉਹੀ ਸ਼ਿਵਾਲਾ, ਨੱਥੂ ਦੀ ਆਟੇ ਵਾਲੀ ਮਸ਼ੀਨ ਤੇ ਫੇਰ ਸਕੂਲ ਤੇ ਫੇਰ ਖੋਮੇਂ ਸੁਨਿਆਰੇ ਦੀ ਹੱਟੀ। ਉਹ ਹੁਣ ਵੀ ਉਸੇ ਤਰ੍ਹਾਂ ਭੁਖਾਰੇ ਅੱਗੇ ਬੈਠਾ ਗੱਲ੍ਹਾਂ ਫੁਲਾਈ ਫੂਕਾਂ ਮਾਰ ਰਿਹਾ ਸੀ। ਮੈਨੂੰ ਏਕਰ ਆਉਂਦਾ ਵੇਖ ਕੇ ਉਹ ਝੱਟ ਦੌੜਦਾ ਹੋਇਆ ਬਾਹਰ ਆਇਆ, “ਬਲੰਤ। ਬਲੰਤ ! ਤੂੰ ਆ ਗਿਆ ਐਂ ?” ਉਸ ਦੀਆਂ ਅੱਖਾਂ ਵਿਚ ਅੱਥਰੂ ਸਨ ।
“ਹਾਂ, ਬਾਬਾ ।”
ਉਸ ਮੈਨੂੰ ਆਪਣੀ ਹਿੱਕ ਨਾਲ ਲਾ ਲਿਆ। “ਮੈਂ ਜਾਣਦਾ ਸਾਂ, ਮੈਨੂੰ ਪਤਾ ਸੀ ਕਿ ਏਕਰ ਹੋਣਾ ਐ-ਪੰਜਾਬ ਨਾਲ ਏਕਰਾਂ ਈ ਹੋਣਾ ਐ। ਇਸ ਪਿੰਡ ਦੇ ਸਭੇ ਮੁਸਲਮਾਨ-ਕੁਝ ਮਾਰੇ ਗਏ, ਕੁਝ ਨੱਸ ਗਏ, ਕੁਝ ਮੱਚ ਗਏ, ਕੁਝ ਭੁੰਨੇ ਗਏ । ਨਿੱਕੇ-ਨਿੱਕੇ ਬਾਲਾਂ ਨੂੰ, ਅੱਲ੍ਹੜ ਮੁੰਡਿਆਂ ਤੇ ਕੁੜੀਆਂ ਨੂੰ ਤੱਤੇ ਛੁਰਿਆਂ ਨਾਲ ਕੋਹਿਆ। ਸਾਰਾ ਪਿੰਡ ਲੋਥਾਂ ਨਾਲ ਭਰਿਆ ਹੋਇਆ ਸੀ। ਸਾਰੇ ਪਿੰਡ ਦੀ ਹਵਾ ਬਦਲੀ ਹੋਈ ਸੀ-ਕਾਲੀ ਡਰਾਉਣੀ ਹਵਾ। ਹਰ ਆਦਮੀ ਦਾ ਚਿਹਰਾ ਕਿਸੇ ਪਰੇਤ ਵਰਗਾ ਸੀ। ਉਸ ਦਿਨ ਅੰਗਰੇਜ਼ ਦਾ ਭੂਤ ਏਧਰ ਦੀ ਲੰਘਿਆ ਸੀ…’
ਮੈਂ ਕਾਹਲੀ ਨਾਲ ਪੁੱਛਿਆ, “ਗ਼ਫੂਰੇ ਤੇ ਅਲੀ ਦਾ ਕੀ ਹਾਲ ਐ ? ਕਿਥੇ ਨੇ ਉਹ ਦੋਵੇਂ ? ਬਚ ਗਏ ਸਨ ਕੀ ਉਹ ?”
“ਦੋਵੇਂ ਮਾਰੇ ਗਏ, ਉਨ੍ਹਾਂ ਦੀ ਮਾਂ ਏਸ ਚੌਂਕ ਵਿਚ ਵੱਢੀ ਗਈ। ਅਸਾਂ ਸਭਨਾਂ ਮਿਲ ਕੇ ਗਫੂਰੇ ਨੂੰ ਮਸਾਂ ਬਚਾਇਆ, ਮਸਾਂ। ਰਾਤੋ-ਰਾਤ ਮੈਂ ਉਸ ਨੂੰ ਖੇਤਾਂ ਤੋਂ ਪਰ੍ਹਾਂ ਆਪ ਛੱਡ ਕੇ ਆਇਆ ਸਾਂ। ਚੋਰੀਉਂ । ਉਸ ਦੀ ਮਾਂ ਮਰ ਗਈ, ਉਸ ਦੀ ਵਹੁਟੀ ਮਰ ਗਈ, ਬਸ ਉਹ ਇਕੱਲਾ ਈ-ਮਸਾਂ ਏਥੋਂ ਗਿਆ।”
ਇਹ ਆਖਦੇ-ਆਖਦੇ ਖੇਮੇਂ ਦਾ ਗਲੇਡੂ ਭਰ ਆਇਆ।
***
ਬਲਵੰਤ ਗਾਰਗੀ
ਬਲਵੰਤ ਗਾਰਗੀ (1916–2003) ਪੰਜਾਬੀ ਸਾਹਿਤ ਦੇ ਪ੍ਰਸਿੱਧ ਨਾਟਕਕਾਰ, ਲੇਖਕ, ਨਾਵਲਕਾਰ ਅਤੇ ਰੰਗਮੰਚ ਨਿਰਦੇਸ਼ਕ ਸਨ। ਉਹਨਾਂ ਦਾ ਜਨਮ 4 ਦਸੰਬਰ 1916 ਨੂੰ ਪਹੋਇਆ। ਉਨ੍ਹਾਂ ਨੇ ਲਾਹੌਰ ਦੇ ਗਵਰਨਮੈਂਟ ਕਾਲਜ ਅਤੇ ਐਫ.ਸੀ. ਕਾਲਜ ਤੋਂ ਉੱਚੀ ਸਿੱਖਿਆ ਪ੍ਰਾਪਤ ਕੀਤੀ। ਗਾਰਗੀ ਪੰਜਾਬੀ ਨਾਟਕ ਸਾਹਿਤ ਦੇ ਅਗੂਆ ਲੇਖਕਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਪ੍ਰਸਿੱਧ ਨਾਟਕਾਂ ਵਿੱਚ ਲੋਹਾ ਕੁੱਟ, ਕਨਕ ਦੀ ਬੱਲੀ, ਸੋਹਣੀ ਮਹਿਵਾਲ, ਮਿਰਜ਼ਾ ਸਾਹਿਬਾਂ ਅਤੇ ਧੂਣੀ ਦੀ ਅੱਗ ਸ਼ਾਮਲ ਹਨ। ਬਲਵੰਤ ਗਾਰਗੀ ਨੂੰ ਸਾਹਿਤ ਅਕਾਦਮੀ ਇਨਾਮ (1962), ਪਦਮ ਸ਼੍ਰੀ (1972) ਅਤੇ ਸੰਗੀਤ ਨਾਟਕ ਅਕਾਦਮੀ ਇਨਾਮ ਵਰਗੇ ਮਹੱਤਵਪੂਰਨ ਸਨਮਾਨ ਮਿਲੇ।
Leave a comment