Home . ‘ਜਮਰੌਦ’ ਕਹਾਣੀ ਕਿਉਂ ਤੇ ਕਿਵੇਂ ਲਿਖੀ ਗਈ?
.ਸਮਕਾਲ

‘ਜਮਰੌਦ’ ਕਹਾਣੀ ਕਿਉਂ ਤੇ ਕਿਵੇਂ ਲਿਖੀ ਗਈ?

Share
Share
Reading Time: 4 minutes

…ਦਸੰਬਰ ਵਿਚ ਹੋਣ ਵਾਲੇ ਇਮਤਿਹਾਨ ਚੱਲ ਰਹੇ ਸਨ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ‘ਮਹਾਰਾਜਾ ਰਣਜੀਤ ਸਿੰਘ ਬਲਾਕ’ ਦੀ ਦੂਜੀ ਮੰਜ਼ਿਲ ’ਤੇ ਇੱਕ ਕਮਰੇ ਵਿਚ ਮੇਰੀ ਨਿਗ਼ਰਾਨ ਵਜੋਂ ਡਿਊਟੀ ਲੱਗੀ ਹੋਈ ਸੀ। ਵਿਦਿਆਰਥੀ ਪਰਚੇ ਕਰ ਰਹੇ ਸਨ। ਮੈਂ ਕੁਰਸੀ ’ਤੇ ਬੈਠਾ ਧਿਆਨ ਰੱਖ ਰਿਹਾ ਸਾਂ। ਲਾਗਲੇ ਕਮਰੇ ਵਿਚ ਡਿਊਟੀ ਦੇ ਰਿਹਾ ਮੇਰਾ ਸਹਿਕਰਮੀ ਪ੍ਰੋ ਹਰਬੰਸ ਸਿੰਘ ਬੋਲੀਨਾ ਪੋਲੇ ਪੈਰੀਂ ਤੁਰਦਾ ਮੇਰੇ ਕੋਲ ਆ ਗਿਆ। ਮੈਂ ਹੱਥ ਮਿਲਾ ਕੇ ਉਹਨੂੰ ਆਪਣੇ ਨਾਲ ਦੀ ਕੁਰਸੀ ’ਤੇ ਬੈਠਣ ਦਾ ਇਸ਼ਾਰਾ ਕੀਤਾ। ਉਹਨੇ ਕੁਰਸੀ ’ਤੇ ਬਹਿ ਕੇ ਕੁਰਸੀ ਦਾ ਮੂੰਹ ਮੇਰੇ ਵੱਲ ਮੋੜਿਆ ਤੇ ਹੌਲੀ ਜਿਹੀ ਕਹਿੰਦਾ, “ਭਾ ਜੀ, ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਣ ਲੱਗਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ’ਤੇ ਕਹਾਣੀ ਲਿਖੋ।”

ਮੈਂ ਹੱਸ ਪਿਆ। ਬੜੇ ਲੋਕਾਂ ਨੇ ਬਹੁਤ ਵਾਰ ਮੈਨੂੰ ਇਹ ਗੱਲ ਆਖੀ ਹੈ ਕਿ ਮੈਂ ਉਹਨਾਂ ਵੱਲੋਂ ਸੁਝਾਏ ਵਿਸ਼ੇ ਬਾਰੇ ਕਹਾਣੀ ਲਿਖਾਂ। ਕਹਾਣੀ ਇੰਝ ਥੋੜ੍ਹਾ ਲਿਖੀ ਜਾਂਦੀ ਹੈ ਕਿ ਕਿਸੇ ਨੇ ਕੋਈ ਗੱਲ ਸੁਣਾਈ ਤੇ ਤੁਸੀਂ ਉਸ ’ਤੇ ਕਹਾਣੀ ਲਿਖ ਦਿਉ। ਮੈਨੂੰ ਲੱਗਾ ਕਿ ਹਰਬੰਸ ਵੀ ਕੋਈ ਏਹੋ ਜਿਹੀ ਹੀ ‘ਕਥਾ-ਕਹਾਣੀ’ ਸੁਣਾਵੇਗਾ।

ਮੇਰੇ ਹਾਸੇ ਦਾ ਅਰਥ ਸਮਝਦਿਆਂ ਉਹ ਪੂਰੀ ਗੰਭੀਰਤਾ ਨਾਲ ਬੋਲਿਆ, “ਭਾ ਜੀ, ਇਹ ਉਸਤਰ੍ਹਾਂ ਦੀ ਸਾਧਾਰਣ ਗੱਲ ਨਹੀਂ। ਸੁਣੋਗੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ।”

ਮੈਂ ਗੰਭੀਰ ਹੋ ਗਿਆ। ਉਹਨੇ ਰਹੱਸ ਉਦਘਾਟਨ ਕਰਦਿਆਂ ਕਿਹਾ, “ਮੈਂ ਇਹ ਗੱਲ ਅੱਜ ਹੀ ਤੁਹਾਡੇ ਨਾਲ ਕਰਨ ਲੱਗਾ ਹਾਂ। ਘਰ ਦੇ ਜੀਆਂ ਤੋਂ ਇਲਾਵਾ ਹੋਰ ਕਿਸੇ ਨਾਲ ਨਹੀਂ ਕੀਤੀ। ਦਸ ਕੁ ਦਿਨ ਹੋਏ ਹੋਣਗੇ ਕਿ ਮੈਨੂੰ ਇੰਗਲੈਂਡ ਤੋਂ ਫ਼ੋਨ ਆਇਆ ਕਿ ਅਮਰ ਸਿੰਘ (ਅਸਲ ਵਿਚ ਨਾਂ ਹੋਰ ਸੀ) ਨੂੰ ਬੜਾ ਹੀ ਖ਼ਾਸ ਤੇ ਗੁਪਤ ਸੁਨੇਹਾ ਦੇਣਾ ਹੈ। ਕਿਸੇ ਹੋਰ ਨਾਲ ਇਹ ਗੱਲ ਨਹੀਂ ਕਰਨੀ।”

ਫਿਰ ਉਹਨੇ ਕਹਾਣੀ ਵਿਚਲਾ ਵੇਰਵਾ ਆਪਣੇ ਸ਼ਬਦਾਂ ਵਿਚ ਸੁਣਾਇਆ। ਅਮਰ ਸਿੰਘ ਨੂੰ ਉਹਦੇ ਪੁੱਤਰ ਨੇ ਕਨੇਡਾ ਦੀ ਸਪਾਂਸਰਸ਼ਿਪ ਭੇਜੀ ਹੋਈ ਸੀ। ਉਹਨਾਂ ਦੇ ਸਾਰੇ ਪਰਿਵਾਰ ਦਾ ਮੈਡੀਕਲ ਹੋ ਚੁਕਾ ਸੀ। ਵੀਜ਼ੇ ਲੱਗ ਕੇ ਪਾਸਪੋਰਟ ਆ ਚੁੱਕੇ ਸਨ। ਕਣਕਾਂ ਪੱਕਣ ’ਤੇ ਸਨ। ਵਾਢੀਆਂ ਦੇ ਦਿਨ ਆਉਣ ਵਾਲੇ ਸਨ। ਅਮਰ ਸਿੰਘ ਦੀ ਯੋਜਨਾ ਸੀ ਕਿ ਮਹੀਨੇ-ਖੰਡ ਵਿਚ ਕਣਕ ਸਾਂਭ ਲਈ ਜਾਵੇ। ਪਿੱਛੋਂ ਘਰ ਦੀ ਸਾਂਭ-ਸਭਾਲ ਦੀ ਸਪੁਰਦਗੀ ਕਰਨ ਦਾ ਕੰਮ ਵੀ ਨਿਪਟ ਜਾਵੇ। ਹੋਰ ਨਿੱਕੇ-ਮੋਟੇ ਪਰਿਵਾਰਕ ਕੰਮ ਵੀ ਨਿਬੇੜ ਲਏ ਜਾਣ। ਇਸ ਲਈ ਕੁਝ ਦਿਨ ਤਾਂ ਚਾਹੀਦੇ ਹੀ ਸਨ। ਪਰ ਫ਼ੋਨ ਕਰਨ ਵਾਲੇ ਨੇ ਆਖਿਆ ਸੀ ਕਿ ਅਮਰ ਸਿੰਘ ਦੇ ਪੁੱਤ ਦੀ ਐਕਸੀਡੈਂਟ ਵਿਚ ਮੌਤ ਹੋ ਗਈ ਹੈ।

ਉਹਨੇ ਬੜਾ ਜ਼ੋਰ ਦੇ ਕੇ ਕਿਹਾ ਸੀ ਕਿ ਉਹਦੀ ਮੌਤ ਦੀ ਖ਼ਬਰ ਬਾਹਰ ਨਹੀਂ ਨਿਕਲਣੀ ਚਾਹੀਦੀ। ਇਸ ਗੱਲ ਦਾ ਡਰ ਸੀ ਕਿ ਕਿਤੇ ਕਨੇਡੀਅਨ ਅੰਬੈਸੀ ਨੂੰ ਇਸ ਗੱਲ ਪਤਾ ਨਾ ਲੱਗ ਜਾਵੇ, ਜਾਂ, ਪਤਾ ਲੱਗਣ ’ਤੇ ਕੋਈ ਦੁਸ਼ਮਣ ਹੀ ਨਾ ਮੁਖ਼ਬਰੀ ਕਰ ਦੇਵੇ। ਜਦ ਸਪਾਸਰਸ਼ਿੱਪ ਭੇਜਣ ਵਾਲਾ ਉਹਦਾ ਪੁੱਤ ਹੀ ਨਹੀਂ ਰਿਹਾ ਤਾਂ ਉਹਨਾਂ ਦੇ ਪਰਿਵਾਰ ਦੀ ਕਨੇਡਾ ਜਾਣ ਦੀ ਯੋਗਤਾ ਆਪਣੇ ਆਪ ਹੀ ਰੱਦ ਹੋ ਸਕਦੀ ਹੈ! ਸੁਨੇਹਾ ਸੀ ਕਿ ਹਰਬੰਸ ਜਾ ਕੇ ‘ਅਮਰ ਸਿੰਘ’ ਨੂੰ ਵੱਖਰੇ ਕਰ ਕੇ ਇਹ ਗੱਲ ਸਮਝਾ ਦੇਵੇ ਕਿ ਉਹ ਦੋ-ਤਿੰਨ ਦਿਨ ਵਿਚ ਹੀ ਟਿਕਟਾਂ ਲੈ ਕੇ ਸਹਿ-ਪਰਿਵਾਰ ਕਨੇਡਾ ਆ ਜਾਵੇ। ਪਰ ਨਾਲ ਹੀ ਇਹ ਤਾਕੀਦ ਵੀ ਕਰ ਦੇਵੇ ਕਿ ‘ਅਮਰ ਸਿੰਘ’ ਇਹ ਦੁਖਦਾਈ ਖ਼ਬਰ ਆਪਣੇ ਪਰਿਵਾਰ ਦੇ ਵੀ ਕਿਸੇ ਜੀਅ ਨਾਲ ਸਾਂਝੀ ਨਾ ਕਰੇ। ਕਿਸੇ ਕੋਲ ਵੀ ਇਸ ਗੱਲ ਦੀ ਧੁੱਖ ਨਹੀਂ ਨਿਕਲਣੀ ਚਾਹੀਦੀ। ਘਰ ਦੇ ਜੀਆਂ ਨੂੰ ਪਤਾ ਲੱਗਦਾ ਤਾਂ ਰੋਣ-ਪਿੱਟਣ ਪੈ ਜਾਣਾ ਸੀ ਤੇ ਸਾਰੀ ਗੱਲ ਖੁੱਲ੍ਹ ਜਾਣੀ ਸੀ। ਉਹਨੇ ਹਰਬੰਸ ਨੂੰ ਵੀ ਕਿਹਾ ਕਿ ਉਹ ਵੀ ਇਸ ਭੇਤ ਨੂੰ ਓਨਾ ਚਿਰ ਸਾਂਭ ਕੇ ਰੱਖੇ, ਜਿੰਨਾਂ ਚਿਰ ‘ਅਮਰ ਸਿੰਘ’ ਹੁਰੀਂ ਕਨੇਡਾ ਨਹੀਂ ਪਹੁੰਚ ਜਾਂਦੇ।
ਸਾਰੀ ਗੱਲ ਸੁਣਾ ਕੇ ਹਰਬੰਸ ਨੇ ਲੰਮਾਂ ਸਾਹ ਲਿਆ।

“ਸ਼ੁਕਰ ਹੈ ਭਾ ਜੀ, ਕੱਲ੍ਹ ਓਸੇ ਬੰਦੇ ਦਾ ਫ਼ੋਨ ਆਇਆ ਸੀ ਕਿ ਅਮਰ ਸਿੰਘ ਹੁਰੀਂ ਇਮੀਗ੍ਰੇਸ਼ਨ ਦਾ ਭਵ-ਸਾਗਰ ਪਾਰ ਕੇ ‘ਸੁੱਖੀ-ਸਾਂਦੀ’ ਕਨੇਡਾ ਪਹੁੰਚ ਗਏ ਨੇ। ਅੱਜ ਇਹ ਭੇਤ ਪਹਿਲੀ ਵਾਰ ਸਵੇਰੇ ਘਰਦਿਆਂ ਨੂੰ ਦੱਸਿਆ ਤੇ ਹੁਣ ਤੁਹਾਡੇ ਨਾਲ ਸਾਂਝਾ ਕੀਤਾ ਹੈ।”

ਏਨਾ ਆਖ ਕੇ ਉਹ ਕੁਝ ਚਿਰ ਲਈ ਖ਼ਾਮੋਸ਼ ਹੋ ਗਿਆ। ਫਿਰ ਕਹਿੰਦਾ, “ਭਾ ਜੀ, ਪਿਛਲੇ ਦਿਨਾਂ ਤੋਂ, ਜਦ ਦਾ ਫ਼ੋਨ ਅਇਆ ਸੀ, ਮੇਰੇ ਮਨ ’ਤੇ ਬੜਾ ਭਾਰ ਸੀ। ਸੋਚਦਾ ਹੀ ਬੌਂਦਲ ਜਾਂਦਾ ਸਾਂ ਕਿ ਇਹ ਭੇਤ ਅਮਰ ਸਿੰਘ ਨੇ ਆਪਣੇ ਅੰਦਰ ਕਿਵੇਂ ਸਾਂਭਿਆ ਹੋਵੇਗਾ!”

ਹਰਬੰਸ ਤਾਂ ਆਪਣੇ ਕਮਰੇ ਵਿਚ ਮੁੜ ਗਿਆ ਪਰ ਆਪਣਾ ਭਾਰ ਮੇਰੇ ਮਨ ’ਤੇ ਚੜ੍ਹਾ ਗਿਆ। ਅਮਰ ਸਿੰਘ ਨੇ ਪੁੱਤ ਦੀ ਮੌਤ ਦੀ ਖ਼ਬਰ ਦੀ ਅੱਗ ਆਪਣੇ ਕਲੇਜੇ ਵਿਚ ਕਿਵੇਂ ਸਾਂਭੀ ਹੋਵੇਗੀ ਕਿ ਉਹਦੀ ਲਾਟ ਤਾਂ ਕੀ ਉਸਦਾ ਧੂੰਆਂ ਵੀ ਬਾਹਰ ਨਾ ਨਿਕਲਣ ਦਿੱਤਾ!

ਇਸ ਵਿਸ਼ੇ ’ਤੇ ਕਹਾਣੀ ਲਿਖੀ ਤਾਂ ਜਾ ਸਕਦੀ ਸੀ, ਪਰ ਇਸੇ ਵਿਸ਼ੇ ਨੂੰ ਲੈ ਕੇ ਮੇਰੇ ਸਾਹਮਣੇ ਪਹਾੜ ਜਿੱਡੀ ਕਹਾਣੀ ਪਹਿਲਾਂ ਹੀ ਖਲੋਤੀ ਸੀ, ‘ਧਰਤੀ ਹੇਠਲਾ ਬੌਲਦ’! ਕੁਲਵੰਤ ਸਿੰਘ ਵਿਰਕ ਦੀ ਇਸ ਮੀਲ-ਪੱਥਰ ਕਹਾਣੀ ਦਾ ਵਿਸ਼ਾ ਵੀ ਮੁੱਖ ਤੌਰ ’ਤੇ ਤਾਂ ਇਹੋ ਹੀ ਸੀ। ਪਿਉ ਆਪਣੇ ਪੁੱਤ ਦੀ ਮੌਤ ਦੀ ਖ਼ਬਰ, ਦਿਲ ’ਤੇ ਪੱਥਰ ਰੱਖ ਕੇ, ਓਨਾ ਚਿਰ ਫੌਜ ’ਚੋਂ ਛੁੱਟੀ ਆਏ ਆਪਣੇ ਪੁੱਤ ਕਰਮ ਸਿੰਘ ਦੇ ਦੋਸਤ ਮਾਨ ਸਿੰਘ ਨੂੰ ਪਤਾ ਨਹੀਂ ਲੱਗਣ ਦਿੰਦਾ, ਜਿੰਨਾਂ ਚਿਰ ਡਾਕੀਆ ਆ ਕੇ ਇਸ ਦਾ ਭੇਤ ਖੋਲ੍ਹ ਨਹੀਂ ਦਿੰਦਾ। ਇਹ ਵੱਖਰੀ ਗੱਲ ਸੀ ਕਿ ਦੋਵਾਂ ਵੱਲੋਂ ਪੁੱਤ ਦੀ ਮੌਤ ਦਾ ਦੁੱਖ ਸਹਿਣ ਦੇ ਕਾਰਨ ਵੱਖੋ-ਵੱਖਰੇ ਸਨ।

ਮੈਂ ਕਈ ਮਹੀਨੇ ਆਪਣੇ ਨਾਲ ਖੌਝਲਦਾ ਰਿਹਾ। ਅਮਰ ਸਿੰਘ ਦੇ ਦੁੱਖ ਦੀ ਲਾਟ ਮੇਰੇ ਅੰਦਰ ਬਲਦੀ ਪਈ ਸੀ। ਜਦ ਘਰਵਾਲੀ ਨੂੰ ਇਹ ਗੱਲ ਦੱਸੀ ਤਾਂ ਮੇਰਾ ਗੱਚ ਭਰ ਆਇਆ। ਕਹਿੰਦੀ, “ਤੁਹਾਡਾ ਅੰਦਰ ਇਸ ਦੁੱਖ ਤੋਂ ਓਨਾ ਚਿਰ ਮੁਕਤ ਨਹੀਂ ਹੋਣਾ, ਜਿੰਨਾਂ ਚਿਰ ਕਹਾਣੀ ਲਿਖ ਕੇ ਸਿਰੋਂ ਭਾਰ ਨਹੀਂ ਲਾਹ ਲੈਂਦੇ।” (ਬਾਕੀ ਹਿੱਸਾ ਕਿਤਾਬ ਵਿਚ–)
ਮੈਂ ਇਸ ਦੁੱਖ ਤੋਂ ਕਿਵੇਂ ‘ਮੁਕਤ’ ਹੋਇਆ?
‘ਜਮਰੌਦ’ ਅਤੇ ਦੂਜੀਆਂ ਕਹਾਣੀਆਂ ਦੀ ਰਚਨਾ-ਪ੍ਰਕਿਰਿਆ ਤੇ ਮੁਕੰਮਲ ਕਹਾਣੀਆਂ ਪੜ੍ਹਨ ਲਈ ‘ਜਮਰੌਦ’ ਕਹਾਣੀ-ਸੰਗ੍ਰਹਿ ਖ਼ਰੀਦਣਾ ਪਵੇਗਾ।
ਵੇਖਦੇ ਹਾਂ ਕਿਹੜਾ ਸੂਰਮਾ ਏਨਾ ‘ਖ਼ਰਚਾ’ ਝੱਲ ਸਕਦਾ ਹੈ!!!

■ ਵਰਿਆਮ ਸਿੰਘ ਸੰਧੂ

ਕਿਤਾਬ ਮਿਲਣ ਦਾ ਪਤਾ:
SANGAM PUBLICATIONS
Near Bus Stand, SAMANA-147101
Distt. Patiala
Ph: 01764-501934, 99151-03490, 98152-43917, 98151-54382
Email: sangam541@gmail.com
Web : www.sangampublications.com
Share
Written by
punjabiphulwari

ਪੰਜਾਬੀ ਫੁਲਵਾੜੀ ਸਾਹਿਤ, ਕਲਾ ਅਤੇ ਸਭਿਆਚਰ ਨੂੰ ਸਮਰਪਿਤ ਇਕ ਸੁਤੰਤਰ ਅਤੇ ਗੈਰ ਵਪਾਰਕ ਉਪਰਾਲਾ ਹੈ। ਇਹਦਾ ਉਦੇਸ਼ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ।

Leave a comment

Leave a Reply

Your email address will not be published. Required fields are marked *

Related Articles
ਸਮਕਾਲ

ਮੈਂ ਆਪਣੀ ਕਹਾਣੀ ਨੂੰ ਕਈ ਵਾਰ ਲਿਖ ਸਕਦਾ ਹਾਂ

ਮੇਰੀ ਸਿਰਜਣ ਪ੍ਰਕਿਰਿਆ ਭਗਵੰਤ ਰਸੂਲਪੁਰੀ ਕਹਾਣੀ ਕਿਵੇਂ ਜੁੜਦੀ ਏ, ਇਹਦੇ ਬਾਰੇ ਮੈਂ...

pratap singh kairon
.ਇੰਟਰਵਿਊ

ਪ੍ਰਤਾਪ ਸਿੰਘ ਕੈਰੋਂ ਅਤੇ ਡਾ. ਮਹਿੰਦਰ ਸਿੰਘ ਰੰਧਾਵਾ

ਸਰਗੋਸ਼ੀਆ-1 ਗੁਲਜ਼ਾਰ ਸਿੰਘ ਸੰਧੂ 1954 ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ,...

.ਇੰਟਰਵਿਊ

‘ਮੈਂ ਮਰੀਅਮ ਹੁੰਦੀ, ਆਪਣਾ ਪੁੱਤ ਆਪੇ ਜੰਮ ਲੈਂਦੀ‘ – ਅਫ਼ਜ਼ਲ ਤੌਸੀਫ਼

ਮੁਲਾਕਾਤੀ: ਅਜਮੇਰ ਸਿੱਧੂ ਲਾਹੌਰ ਦੀ ਅਦੀਬਾ ਅਫ਼ਜ਼ਲ ਤੌਸੀਫ਼ ਨੂੰ ਚੜ੍ਹਦੇ ਪੰਜਾਬ ਵਿੱਚ...

.ਇੰਟਰਵਿਊ

ਮੇਰੇ ਸਾਹਿਤਕ ਦੋਸਤ ਤੇ ਉਹ ਦਿਨ

ਮੇਰੀ ਦਿੱਲੀ ਤੇ ਮੇਰੇ ਦੋਸਤ । ਜਿਸ ਦਿੱਲੀ ਦੀ ਗੱਲ ਮੈਂ ਕਰਨ...